ਸਜ਼ਾ

ਸਜ਼ਾ

ਜੱਸੀ ਆਪਣੇ ਪੇਕੇ ਘਰ ਆਈ ਹੋਈ ਸੀ। ਸਾਰਾ ਟੱਬਰ ਰਾਤ ਨੂੰ ਬੈਠਾ ਗੱਲਾਂ ਕਰ ਰਿਹਾ ਸੀ,ਇਧਰ ਓਧਰ ਦੀਆਂ ਗਵਾਢੀਆਂ,ਰਿਸ਼ਤੇਦਾਰਾਂ,ਪਿੰਡ ਦੀਆਂ। ਕੁੜੀਆਂ ਦਾ ਜੰਮਣ ਭੋਇੰ ਦੇ ਲੋਕਾਂ ਨਾਲ ਹਮੇਸ਼ਾ ਲਗਾਵ ਹੁੰਦਾ ਹੈ,ਕੀਹਦੇ ਕੀ ਕੀ ਹੋਇਆ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ।
“ਜੱਸੀ,ਉਹ ਆਪਣੇ ਪਿੰਡ ਆਲਾ ਸੁਖਦੇਵ ਸਿਹੁੰ ਮਾਸਟਰ ਨਹੀਂ ਹੁੰਦਾ ਸੀ ,ਉਹ ਤਾਂ ਪਾਗਲ ਹੋ ਗਿਆ,ਗਲੀਆਂ ਚ ਘੁੰਮਦਾ ਰਹਿੰਦਾ,ਨੂੰਹ ਪੁੱਤ, ਟੱਬਰ ਸੇਵਾ ਬਥੇਰੀ ਕਰਦੈ,ਪਤਾ ਨਹੀਂ ਹੋਇਆ ਕੀ ਐ?ਦੇਖ ਲੈ ਕਿੰਨਾ ਸਿਆਣਾ,ਸਮਝਦਾਰ ਤੇ ਮਿੱਠ ਬੋਲੜਾ ਸੀ। ਆਉਣ ਵਾਲੇ ਵਕਤ ਦਾ ਕੀ ਪਤਾ ਕਿਹੋ ਜਿਹਾ ਆਉਣੈ; ਵਾਹਿਗੁਰੂ ਇਹੋ ਜਿਹੀ ਕਿਸੇ ਨਾਲ ਨਾ ਕਰੇ। ” ਵੱਡਾ ਵੀਰ ਦੱਸ ਰਿਹਾ ਸੀ।
“ਤੁਸੀਂ ਵੀ ਤਾਂ ਨੌਵੀਂ ਦਸਵੀਂ ਚ ਟਿਊਸ਼ਨ ਪੜਦੀਆਂ ਸੀ ਉਹਦੇ ਕੋਲ….ਹਨਾਂ? “ਹਾਂ ਵੀਰੇ”…..
ਬੱਸ ਆਏਂ ਕਹਿੰਦਾ ਰਹਿੰਦਾ….”ਮੈਨੂੰ ਸਜ਼ਾ ਮਿਲ ਗਈ,ਮਿਲ ਗਈ ਸਜ਼ਾ। ਪਤਾ ਕਿਸੇ ਨੂੰ ਕੁੱਝ ਨਹੀਂ ਬੱਸ ਓਹੀ ਜਾਣਦਾ ਜਾਂ ਰੱਬ ਜਾਣਦਾ”।

ਇੰਨਾਂ ਸੁਣਦਿਆਂ ਹੀ ਜੱਸੀ ਦੇ ਖਿਆਲਾਂ ਦੀ ਸੂਈ ਵੀਹ ਸਾਲ ਪਿੱਛੇ ਘੁੰਮ ਜਾਂਦੀ ਐ,ਜਦੋਂ ਉਹ ਤੇ ਸਰਕਾਰੀ ਸਕੂਲ ਚ ਉਹਦੇ ਨਾਲ ਪੜਦੀਆਂ ਕੁੜੀਆਂ ਮਾਸਟਰ ਸੁਖਦੇਵ ਸਿੰਘ ਦੇ ਘਰ ਗਣਿਤ ਤੇ ਅੰਗਰੇਜ਼ੀ ਦੀ ਟਿਊਸ਼ਨ ਪੜਨ ਜਾਂਦੀਆਂ ਸਨ । ਦੋਵੇਂ ਮੀਆਂ ਬੀਵੀ ਸਰਕਾਰੀ ਅਧਿਆਪਕ ਸਨ, ਬੇਟਾ ਬੇਟੀ ਅੱਠ- ਦਸ ਕੁ ਸਾਲ ਦੇ ਸਨ। ਉਹ ਆਪ ਸਾਰੀਆਂ ਕੁੜੀਆਂ ਚੌਦਾਂ- ਪੰਦਰਾਂ ਕੁ ਸਾਲ ਦੀ ਉਮਰ ਦੀਆਂ ਸਨ। ਆਮ ਘਰਾਂ ਨਾਲੋਂ ਸਰਦਾ-ਪੁੱਜਦਾ ਘਰ ਸੀ। ਮਾਸਟਰ ਦੇ ਭਲੇਮਾਣਸ ਹੋਣ ਕਰਕੇ ਸਭ ਕੁੜੀਆਂ ਦੇ ਘਰਦਿਆਂ ਨੇ ਸਲਾਹ ਕਰਕੇ ਤਸੱਲੀ ਵਾਲੀ ਥਾਂ ਪੜਨ ਲਾਇਆ ਸੀ। ਕੁਛ ਓਦੋਂ ਵਕਤ ਵੀ ਭਲੇ ਸਨ।
ਸਿਆਲਾਂ ਦੇ ਦਿਨਾਂ ਚ ਸਾਰੀਆਂ ਬੱਚੀਆਂ ਮੈਡਮ ਨੂੰ ਕਹਿਕੇ ਰਜਾਈਆਂ ਦਿਵਾ ਦਿੰਦਾ ਸੀ। ਇੱਕ ਰਜਾਈ ਆਪ ਲਪੇਟ ਲੈਂਦਾ। ਫਰਸ਼ ਤੇ ਬੈਠ ਕੇ ਪੜਾਉਂਦਾ ਸੀ, ਸਾਰਿਆਂ ਨੂੰ ਆਲੇ -ਦੁਆਲੇ ਬਿਠਾ ਕੇ…..ਤਾਂ ਜੋ ਸਭ ਨੂੰ ਸਮਝ ਲੱਗ ਸਕੇ। ਮੁੰਡਿਆਂ ਦਾ ਤੇ ਹੋਰ ਕਲਾਸਾਂ ਦੇ ਟਿਊਸ਼ਨ ਦਾ ਸਮਾਂ ਹੋਰ ਹੁੰਦਾ ਸੀ। ਕੁੜੀਆਂ ਨੂੰ ਬਦਲ ਬਦਲ ਕੇ ਆਪਣੇ ਨੇੜੇ ਬਿਠਾਉਂਦਾ ਤਾਂ ਜੋ ਕੋਈ ਸਿੱਖਣ ਤੋਂ ਰਹਿ ਨਾ ਜਾਵੇ; ਪਰ ਜੱਸੀ ਨੂੰ ਮਾਸਟਰ ਜੀ ਦੇ ਨੇੜੇ ਬੈਠਣ ਦਾ ਚਾਅ ਹੋਰਾਂ ਤੋਂ ਵੱਧ ਹੁੰਦਾ ਸੀ; ਇੱਕ ਤਾਂ ਉਹ ਸਾਰੀਆਂ ਕੁੜੀਆਂ ਨਾਲੋਂ ਹੁਸ਼ਿਆਰ ਵੱਧ ਸੀ ਤੇ ਦੂਜਾ ਦਸਵੀਂ ਚੋਂ ਪਹਿਲੀ ਪੁਜ਼ੀਸ਼ਨ ਤੇ ਆਉਣਾ ਆਪਣਾ ਨਿਸ਼ਾਨਾ ਮਿੱਥ ਰੱਖਿਆ ਸੀ। ਕੁੱਝ ਦਿਨਾਂ ਪਿੱਛੋਂ ਕੁੜੀਆਂ ਮਾਸਟਰ ਦੇ ਨੇੜੇ ਬੈਠਣ ਤੋਂ ਕਤਰਾਉਣ ਲੱਗੀਆਂ ਸਨ।
” ਲੱਤਾਂ ਤੇ ਹੱਥ ਜੇ ਲਾਈ ਜਾਂਦੈ ਮਾਸਟਰ ਹਨਾਂ, ਆਪਾਂ ਮਾੜਾ ਜਾ ਪਰਾਂ ਈ ਬਹਿ ਜਿਆ ਕਰੋ”। ਜੱਸੀ ਨੇ ਵੀ ਇਹ ਗੱਲ ਨੋਟ ਤਾਂ ਕੀਤੀ ਸੀ ਪਰ ਉਹਨੇ ਸੋਚਿਆ ਵੀ ਗਲਤੀ ਨਾਲ ਲੱਗ ਜਾਂਦਾ ਹੋਣਾ, ਪਰ ਸਮਝ ਕੁੱਝ ਨਹੀਂ ਲੱਗੀ ਸੀ।ਅਸਲ ਚ ਜਿਹੜੀ ਕੁੜੀ ਮਾਸਟਰ ਦੇ ਨੇੜੇ ਬਹਿੰਦੀ ਉਹ ਰਜਾਈ ਵਿੱਚ ਦੀ ਲੱਤਾਂ-ਪੱਟਾਂ ਤੇ ਹੱਥ ਲਾਈ ਜਾਂਦਾ, ਚੂੰਡੀਆਂ ਜਿਹੀਆਂ ਵੱਢੀ ਜਾਂਦਾ। ਸਾਰੀਆਂ ਕੁੜੀਆਂ ਇਸ ਗੱਲ ਤੇ ਸਹਿਮਤ ਸਨ। ਓਦੋਂ ਉਹਨਾਂ ਇਹਨਾਂ ਗੱਲਾਂ ਬਾਰੇ ਕੁੱਝ ਪਤਾ ਨਹੀਂ ਸੀ, ਮਾਸਟਰ ਆਪਣਾ ਠਰਕ ਭੋਰਦਾ ਰਹਿੰਦਾ ਸੀ। ਬਾਅਦ ਚ ਕੁੜੀਆਂ ਨੇ ਰਜਾਈਆਂ ਲੈਣ ਤੋਂ ਮਨਾ ਕਰਕੇ ਥੋੜੀ ਵਿੱਥ ਤੇ ਬੈਠਣਾ ਸ਼ੁਰੂ ਕਰ ਦਿੱਤਾ ਸੀ। ਕਿਸੇ ਨੇ ਘਰੇ ਕੁੱਝ ਨਹੀਂ ਦੱਸਿਆ ਸੀ। ਕੁੱਝ ਮਹੀਨਿਆਂ ਪਿੱਛੋਂ ਪੇਪਰ ਨੇੜੇ ਆਉਣ ਤੇ ਟਿਊਸ਼ਨ ਪੜਨੋਂ ਹਟ ਗਈਆਂ ਸਨ।
ਅਸਲ ਗੱਲ ਦਾ ਪਤਾ ਜਦੋਂ ਵੱਡੇ ਹੋਕੇ ਉਹਨੂੰ ਪਤਾ ਲੱਗਾ ਤਾਂ ਮਾਸਟਰ ਲਈ ਉਹਦਾ ਮਨ ਨਫ਼ਰਤ ਨਾਲ ਭਰ ਜਾਂਦਾ। ਉਹ ਸੋਚਦੀ ਬਾਪ ਵਰਗੀ ਉਮਰ ਦਾ ਬੰਦਾ ਇਹੋ ਜਿਹੀ ਘਟੀਆ ਹਰਕਤ ਕਿਵੇਂ ਕਰ ਸਕਦਾ ਹੈ? ਮੁੜਕੇ,ਜ਼ਿੰਦਗੀ ਚ ਕਦੇ ਉਹਦਾ ਸਾਹਮਣਾ ਮਾਸਟਰ ਨਾਲ ਨਹੀਂ ਹੋਇਆ ਸੀ।ਉਹ ਸਭ ਗੱਲਾਂ ਭੁਲਾ ਚੁੱਕੀ ਸੀ, ਪਰ ਅੱਜ ਗੱਲ ਛਿੜੀ ਤੋਂ ਉਹਨੂੰ ਸਭ ਕੁੱਝ ਮੁੜ ਯਾਦ ਆ ਗਿਆ ਸੀ।
ਖਿਆਲਾਂ ਵਿੱਚ ਗਵਾਚੀ ਨੂੰ ਭਰਜਾਈ ਨੇ ਮੋਢਾ ਹਲੂਣ ਕੇ ਬੁਲਾਇਆ” ਲੈ ਜੱਸੀ ਦੁੱਧ ਪੀ ਲੈ”।
ਜੱਸੀ ਸੋਚ ਰਹੀ ਸੀ, “ਸੱਚਮੁੱਚ ਉਹਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਐ।”

Leave a Reply